Saturday, February 13, 2010

ਇੱਕ ਆਵਾਜ਼, ਮੇਰੇ ਲਈ

ਕਦੇ ਕਦੇ ਸੋਚਦਾ ਹਾਂ
ਦੁਨੀਆ ਦੇ ਚਾਰ ਚੁਫ਼ੇਰਿਆਂ ਵਿੱਚ
ਲੁਕਾਈ ਦੇ ਝਗੜੇ ਝੇੜਿਆਂ ਵਿੱਚ
ਹੈ ਇੱਕ ਆਵਾਜ਼, ਕਿਤੇ
ਮੇਰੀ ਲਈ
ਦਾੜ੍ਹੀ, ਕੇਸ ਅਤੇ ਪਗੜੀ
ਵੇਖ ਕੇ
ਲੋਕ ਅਕਸਰ ਹੀ
ਸਿੱਖ ਕਹਿ ਕੇ ਸੰਬੋਧਨ
ਕਰਦੇ ਹਨ।
ਪਰ ਜਾਪੇ ਮੈਨੂੰ
ਕਿ ਉਹ ਕਹਿ
ਰਹੇ ਹਨ,
ਸਿੱਖ, ਜ਼ਿਂਦਗੀ ਦੇ ਹਰ ਪਲ
ਕੁਝ ਨਾ ਕੁਝ ਸਿੱਖਦਾ ਰਹਿ
ਗੁਰੂ ਦੀ ਮੱਤ
ਤਿੱਪ-ਤਿੱਪ ਕਰਕੇ
ਆਪਣੀ ਮੱਤ ਵਿੱਚ
ਪਾ ਲੈ
ਤੇ ਬਣ ਜਾ ਗੁਰੂ ਪਿਆਰਾ
ਭਾਈ ਗੁਰਦਾਸ, ਦਿੱਤ ਸਿੰਘ,
ਰੰਘਰੇਟਾ, ਮੋਤੀ ਮਹਿਰਾ
ਤੇ ਵਿਖਾ ਦੇ ਸੰਸਾਰ ਨੂੰ
ਗੁਰੂ ਬਚਨਾਂ ਸੰਗ
ਤੇਰੀ ਪ੍ਰੀਤ ਹੈ
ਜੋ ਸੰਸਾਰ ਗਾ ਰਿਹਾ
ਤੂੰ ਹੀ ਉਹ ਗੀਤ ਹੈ।
ਉਂਞ ਇਨਕਾਰੀ ਨਹੀਂ ਮੈਂ
ਮੁਹੰਮਦ ਸਾਹਿਬ ਰਸੂਲ ਤੋਂ
ਈਸਾ ਦੀ ਕ੍ਰੂਸ ਤੋਂ
ਕ੍ਰਿਸ਼ਨ ਦੇ ਰਾਸ ਤੋਂ
ਸ਼ਿਵ ਦੇ ਪ੍ਰਕਾਸ ਤੋਂ;
ਪਰ ਹੈ ਗੁਰੂ ਦੇ ਬਚਨਾਂ ਦਾ
ਦੀਵਾਨਾ
ਭ੍ਯਾ ਹੈ ਜਗ ਤਾਈਂ ਮਨ
ਬਿਸਰਾਨਾ
ਤੇ ਸੁਣ ਰਿਹਾ ਹੈ
ਗੁਰੂ ਗ੍ਰੰਥ ਸਾਹਿਬ ਪਾਸੋਂ,
ਉਹ ਆਵਾਜ਼
ਜੋ ਹੈ ਮੇਰੇ ਲਈ .......... ।